ਡਿਪਲੋਮੈਟਸ ਦੇ ਪਰਤਣ ਮਗਰੋਂ ਕੈਨੇਡਾ ਵੀਜ਼ਾ ਐਪਲੀਕੇਸ਼ਨ ਨੂੰ ਲੈ ਕੇ ਵੱਡੀ ਅਪਡੇਟ, VFS Global ਨੇ ਕਹੀ ਇਹ ਗੱਲ

ਹਰਦੀਪ ਸਿੰਘ ਨਿੱਝਰ ਕਤਲਕਾਂਡ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਦੇ ਵਿਚਕਾਰ ਕੈਨੇਡਾ ਨੇ ਵੀਰਵਾਰ ਆਪਣੇ 41 ਡਿਪਲੋਮੈਟਸ ਨੂੰ ਭਾਰਤ ਤੋਂ ਵਾਪਸ ਬੁਲਾ ਲਿਆ। ਇਸ ਮਗਰੋਂ ਡਿਪਲੋਮੈਟਸ ਰਾਤੋ-ਰਾਤ ਭਾਰਤ ਛੱਡ ਕੇ ਕੈਨੇਡਾ ਪਰਤ ਗਏ। ਇਸ ਦੇ ਨਾਲ ਹੀ ਕੈਨੇਡਾ ਦਾ ਵੀਜ਼ਾ ਲੈਣ ਦੇ ਚਾਹਵਾਨ ਲੋਕਾਂ ਵਿਚ ਦੁਚਿੱਤੀ ਪੈਦਾ ਹੋ ਗਈ ਹੈ। ਇਸ ਵਿਚਾਲੇ ਹੁਣ VFS ਗਲੋਬਲ ਨੇ ਸਥਿਤੀ ਨੂੰ ਸਪੱਸ਼ਟ ਕੀਤਾ ਹੈ। VFS ਗਲੋਬਲ ਬਿਆਨ ਜਾਰੀ ਕਰ ਕਿਹਾ ਹੈ ਕਿ ਉਸ ਦੇ ਕੈਨੇਡਾ-ਕੇਂਦ੍ਰਿਤ ਵੀਜ਼ਾ ਅਰਜ਼ੀ ਕੇਂਦਰ ਭਾਰਤ ਦੇ 10 ਸ਼ਹਿਰਾਂ ਵਿਚ ਖੁੱਲ੍ਹੇ ਰਹਿਣਗੇ।

VFS ਗਲੋਬਲ ਨੇ ਬਿਆਨ ਵਿਚ ਕਿਹਾ ਹੈ ਕਿ ਉਹ ਕੈਨੇਡੀਅਨ ਇਮੀਗ੍ਰੇਸ਼ਨ ਸੰਸਥਾ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੀਆਂ ਹਦਾਇਤਾਂ ਮੁਤਾਬਕ ਭਾਰਤ ਤੋਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਅਤੇ ਪ੍ਰੋਸੈੱਸ ਕਰਨਾ ਜਾਰੀ ਰੱਖੇਗਾ, ਪਰ ਸਟਾਫਿੰਗ ਦੇ ਘਟਾਏ ਗਏ ਪੱਧਰ ਨਾਲ ਪ੍ਰਕਿਰਿਆ ਦੇ ਸਮੇਂ ‘ਤੇ ਅਸਰ ਪੈਣ ਦੀ ਉਮੀਦ ਹੈ। ਭਾਰਤ ਦੀਆਂ ਅਰਜ਼ੀਆਂ ਦੀ ਵੱਡੀ ਬਹੁਗਿਣਤੀ ਪਹਿਲਾਂ ਹੀ ਦੇਸ਼ ਤੋਂ ਬਾਹਰ ਪ੍ਰੋਸੈੱਸ ਕੀਤੀ ਜਾਂਦੀ ਹੈ, ਭਾਰਤ ਦੀਆਂ 89% ਅਰਜ਼ੀਆਂ ‘ਤੇ ਗਲੋਬਲ ਨੈਟਵਰਕ ਦੁਆਰਾ ਪ੍ਰੋਸੈਸਿੰਗ ਕੀਤੀ ਜਾਂਦੀ ਹੈ। 5% ਕੈਨੇਡਾ-ਅਧਾਰਤ IRCC ਸਟਾਫ ਜੋ ਭਾਰਤ ਵਿਚ ਰਹਿੰਦੇ ਹਨ, ਉਨ੍ਹਾਂ ਕੰਮ ‘ਤੇ ਧਿਆਨ ਕੇਂਦਰਿਤ ਕਰਨਗੇ ਜਿਸ ਲਈ ਦੇਸ਼ ਵਿਚ ਮੌਜੂਦਗੀ ਦੀ ਲੋੜ ਹੁੰਦੀ ਹੈ।

ਵੀਜ਼ਾ ਪ੍ਰੋਸੈਸਿੰਗ ਵਿਚ ਲੱਗ ਸਕਦੈ ਵਾਧੂ ਸਮਾਂ

ਹਾਲਾਂਕਿ, VFS ਗਲੋਬਲ ਨੇ ਵੀ ਇਹ ਗੱਲ ਮੰਨੀ ਕਿ ਇਸ ਸਭ ਕਾਰਨ ਵੀਜ਼ਾ ਪ੍ਰੋਸੈੱਸ ਕਰਨ ਵਿਚ ਵਾਧੂ ਸਮਾਂ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਕਿਹਾ ਸੀ ਕਿ ਡਿਪਲੋਮੈਟਸ ਨੂੰ ਵਾਪਸ ਬੁਲਾਏ ਜਾਣ ਦੇ ਬਾਵਜੂਦ ਵੀਜ਼ਾ ਅਰਜ਼ੀ ਕੇਂਦਰ ਆਮ ਤੌਰ ‘ਤੇ ਕੰਮ ਕਰਨਗੇ, ਕਿਉਂਕਿ ਉਹ ਤੀਜੀ ਧਿਰ ਵੱਲੋਂ ਚਲਾਏ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਹੁਣ ਵਾਧੂ ਸਮਾਂ ਲੱਗੇਗਾ। ਉਨ੍ਹਾਂ ਕਿਹਾ ਸੀ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਭਾਰਤ ਦੇ ਫੈਸਲੇ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ ‘ਤੇ ਅਸਰ ਪਵੇਗਾ। ਬਦਕਿਸਮਤੀ ਨਾਲ, ਸਾਨੂੰ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਵਿਚ ਸਾਡੇ ਵਣਜ ਦੂਤਾਘਰਾਂ ਵਿਚ ਸਾਰੀਆਂ ਵਿਅਕਤੀਗਤ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ। ਜਿਨ੍ਹਾਂ ਕੈਨੇਡੀਅਨਾਂ ਨੂੰ ਕੌਂਸਲਰ ਸਹਾਇਤਾ ਦੀ ਲੋੜ ਹੁੰਦੀ ਹੈ, ਉਹ ਅਜੇ ਵੀ ਦਿੱਲੀ ਵਿੱਚ ਸਾਡੇ ਹਾਈ ਕਮਿਸ਼ਨ ਦਾ ਦੌਰਾ ਕਰ ਸਕਦੇ ਹਨ ਅਤੇ ਤੁਸੀਂ ਅਜੇ ਵੀ ਫ਼ੋਨ ਅਤੇ ਈਮੇਲ ਰਾਹੀਂ ਵਿਅਕਤੀਗਤ ਤੌਰ ‘ਤੇ ਅਜਿਹਾ ਕਰ ਸਕਦੇ ਹੋ।

 ਇਨ੍ਹਾਂ 10 ਸ਼ਹਿਰਾਂ ‘ਚ ਹਨ ਵੀਜ਼ਾ ਅਰਜ਼ੀ ਕੇਂਦਰ

VFS Global ਵੱਲੋਂ ਦੇਸ਼ ਦੇ 10 ਸ਼ਹਿਰਾਂ ਵਿਚ ਵੀਜ਼ਾ ਅਰਜ਼ੀ ਕੇਂਦਰ ਚਲਾਏ ਜਾ ਰਹੇ ਹਨ। ਇਨ੍ਹਾਂ ਸ਼ਹਿਰਾਂ ਵਿਚ ਨਵੀਂ ਦਿੱਲੀ, ਜਲੰਧਰ, ਚੰਡੀਗੜ੍ਹ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨੰਈ, ਹੈਦਰਾਬਾਦ, ਕਲਕੱਤਾ ਤੇ ਮੁੰਬਈ ਸ਼ਾਮਲ ਹਨ। ਇਹ ਸਾਰੇ ਅਰਜ਼ੀ ਕੇਂਦਰ ਆਮ ਵਾਂਗ ਚੱਲਦੇ ਰਹਿਣਗੇ। ਉੱਧਰ ਕੈਨੇਡਾ ਵੱਲੋਂ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਵਿਚ ਆਪਣੇ ਵਣਜ ਦੂਤਾਘਰਾਂ ਵਿਚ ਸਾਰੀਆਂ ਵਿਅਕਤੀਗਤ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਕੀ ਹੈ ਪੂਰਾ ਵਿਵਾਦ

ਦੱਸ ਦੇਈਏ ਕਿ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੈ। ਹਾਲਾਂਕਿ, ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ‘ਬੇਹੂਦਾ’ ਅਤੇ ‘ਪ੍ਰੇਰਿਤ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦਾਅਵੇ ਦੇ ਸਮਰਥਨ ਲਈ ਕੈਨੇਡਾ ਨੇ ਅਜੇ ਤੱਕ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ।

 

About admin

Check Also

From March 23 onwards, Australia will be enforcing tighter restrictions on study visas…..

Australia is planning to implement stricter regulations for study visas starting from March 23rd. The …

Leave a Reply

Your email address will not be published. Required fields are marked *